ਕਿਸਤ ਦਾ ਭੁਗਤਾਨ ਨਾ ਕਰਨ ਦੀ ਯੋਜਨਾ ਬਣਾ ਰਹੇ ਗਾਹਕਾਂ ਦੀ ਪਛਾਣ ਲਈ ਸਟੇਟ ਬੈਂਕ ਨੇ ਲਾਈ AI

ਮੁੰਬਈ: ਦੇਸ਼ ਦੇ ਜਨਤਕ ਖੇਤਰ ਦੇ ਸਭ ਤੋਂ ਵੱਡੇ ਕਰਜ਼ਦਾਤਾ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਕਰਜ਼ਦਾਰਾਂ, ਖ਼ਾਸ ਕਰ ਕੇ ਪ੍ਰਚੂਨ ਗ੍ਰਾਹਕਾਂ ਤੋਂ ਸਮੇਂ ਸਿਰ ਮਹੀਨਾਵਾਰ ਕਿਸਤ (ਈ.ਐੱਮ.ਆਈ.) ਦਾ ਭੁਗਤਾਨ ਯਕੀਨੀ ਕਰਨ ਲਈ ਇਕ ਅਨੋਖੀ ਪਹਿਲ ਸ਼ੁਰੂ ਕੀਤੀ ਹੈ। ਬੈਂਕ ਨੇ ਦਸਿਆ ਕਿ ਉਹ ਮਹੀਨਾਵਾਰ ਕਿਸਮ ਦੇ ਭੁਗਤਾਨ ’ਚ ਕੁਤਾਹੀ ਕਰਨ ਵਾਲੇ ਸੰਭਾਵਤ ਕਰਜ਼ਦਾਰਾਂ ਨੂੰ ਚਾਕਲੇਟ ਭੇਜ ਰਿਹਾ ਹੈ।

ਬੈਂਕ ਨੇ ਬਿਆਨ ’ਚ ਕਿਹਾ ਕਿ ਭੁਗਤਾਨ ’ਚ ਕੁਤਾਹੀ ਦੀ ਯੋਜਨਾ ਬਣਾ ਰਹੇ ਕਰਜ਼ਦਾਰ ਬੈਂਕ ਵਲੋਂ ਯਾਦ ਦਿਵਾਉਣ ਤੋਂ ਬਾਅਦ ਵੀ ਕੋਈ ਜਵਾਬ ਨਹੀਂ ਦਿੰਦੇ ਹਨ। ਇਸ ਲਈ ਉਨ੍ਹਾਂ ਦੇ ਘਰ ’ਤੇ ਬਗ਼ੈਰ ਉਨ੍ਹਾਂ ਨੂੰ ਸੂਚਿਤ ਕੀਤਿਆਂ ਪਹੁੰਚ ਜਾਣਾ ਇਕ ਚੰਗਾ ਬਦਲ ਹੈ।

ਵਿਆਜ ਦਰਾਂ ’ਚ ਵਾਧੇ ਵਿਚਕਾਰ ਪ੍ਰਚੂਨ ਕਰਜ਼ ਵੰਡ ਵੀ ਵੱਧ ਰਿਹਾ ਹੈ। ਅਜਿਹੇ ’ਚ ਇਹ ਕਦਮ ਬਿਹਤਰ ਕਰਜ਼ ਵਸੂਲੀ ਦੇ ਉਦੇਸ਼ ਨਾਲ ਚੁੱਕੇ ਜਾ ਰਹੇ ਹਨ। 
ਐੱਸ.ਬੀ.ਆਈ. ਦੀ ਪ੍ਰਚੂਨ ਕਰਜ਼ਾ ਵੰਡ ਜੂਨ, 2023 ਤਿਮਾਹੀ ’ਚ 16.46 ਫ਼ੀ ਸਦੀ ਵਧ ਕੇ 12,04,279 ਕਰੋੜ ਰੁਪਏ ਹੋ ਗਈ, ਜੋ ਇਸ ਤੋਂ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ 10,34,111 ਕਰੋੜ ਰੁਪਏ ਸੀ। ਬੈਂਕ ਦਾ ਕੁਲ ਕਰਜ਼ ਖਾਤਾ 13.9 ਫ਼ੀ ਸਦੀ ਦੇ ਵਾਧੇ ਨਾਲ 33,03,731 ਕਰੋੜ ਰੁਪਏ ਹੋ ਗਿਆ। 

ਐੱਸ.ਬੀ.ਆਈ. ’ਚ ਜੋਖਮ, ਪਾਲਣਾ ਅਤੇ ਦਬਾਅ ਵਾਲੀਆਂ ਜਾਇਦਾਦਾਂ ਦੇ ਇੰਚਾਰਜ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਕੁਮਾਰ ਤਿਵਾਹੀ ਨੇ ਕਿਹਾ, ‘‘ਬਨਾਉਟੀ ਬੁੱਧੀ (ਏ.ਆਈ.) ਦਾ ਪ੍ਰਯੋਗ ਕਰਨ ਵਾਲੀਆਂ ਦੋ ਫ਼ਿਨਟੇਕ (ਵਿੱਤੀ ਤਕਨਾਲੋਜੀ) ਕੰਪਨੀਆਂ ਨਾਲ ਮਿਲ ਕੇ ਅਸੀਂ ਅਪਣੇ ਪ੍ਰਚੂਨ ਕਰਜ਼ਦਾਰਾਂ ਨੂੰ ਉਨ੍ਹਾਂ ਦੇ ਕਰਜ਼ ਭੁਗਤਾਨ ਜ਼ਿੰਮੇਵਾਰੀਆਂ ਦੀ ਯਾਦ ਦਿਵਾਉਣ ਦਾ ਇਕ ਨਵਾਂ ਤਰੀਕਾ ਅਪਣਾ ਰਹੇ ਹਾਂ। ਜਿੱਥੇ ਇਕ ਕੰਪਨੀ ਕਰਜ਼ਦਾਰ ਨਾਲ ਸੁਲਹ ਕਰ ਰਹੀ ਹੈ, ਉਥੇ ਦੂਜੀ ਕੰਪਨੀ ਸਾਨੂੰ ਕਰਜ਼ਦਾਰ ਦੀ ਕੁਤਾਹੀ ਕਰਨ ਦੀ ਬਿਰਤੀ ਬਾਰੇ ਸੁਚੇਤ ਕਰ ਰਹੀ ਹੈ।’’

ਉਨ੍ਹਾਂ ਕਿਹਾ ਕਿ ਚਾਕਲੇਟ ਦਾ ਇਕ ਪੈਕੇਟ ਲੈ ਕੇ ਜਾਣ ਅਤੇ ਵਿਅਕਤੀਗਤ ਰੂਪ ’ਚ ਉਨ੍ਹਾਂ ਨੂੰ ਮਿਲਣ ਦਾ ਇਹ ਨਵਾਂ ਤਰੀਕਾ ਅਪਣਾਇਆ ਗਿਆ ਹੈ ਕਿਉਂਕਿ ਇਹ ਪਾਇਆ ਗਿਆ ਹੈ ਕਿ ਕੁਤਾਹੀ ਦੀ ਯੋਜਨਾ ਬਣਾ ਰਿਹਾ ਉਧਾਰਕਰਤਾ ਬੈਂਕ ਤੋਂ ਭੁਗਤਾਨ ਕਰਨ ਦੀ ਯਾਦ ਦਿਵਾਉਣ ਵਾਲੇ ਫ਼ੋਨ ਕਾਲ ਦਾ ਜਵਾਬ ਨਹੀਂ ਦੇਵੇਗਾ। ਤਾਂ ਸਭ ਤੋਂ ਚੰਗਾ ਤਰੀਕਾ ਹੈ ਕਿ ਤੁਸੀਂ ਬਗ਼ੈਰ ਦੱਸੇ ਹੀ ਉਨ੍ਹਾਂ ਦੇ ਘਰ ਮਿਲ ਕੇ ਉਨ੍ਹਾਂ ਨੂੰ ਹੈਰਾਨ ਕਰ ਦਿਉ। ਅਤੇ ਹੁਣ ਤਕ, ਸਫ਼ਲਤਾ ਦਰ ਜ਼ਬਰਦਸਤ ਰਹੀ ਹੈ।

ਤਿਵਾਰੀ ਨੇ ਦੋਹਾਂ ਕੰਪਨੀਆਂ ਦਾ ਨਾਂ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਕਦਮ ਅਜੇ ਪ੍ਰਯੋਗ ਪੱਧਰ ’ਤੇ ਹੈ ਅਤੇ ਇਸ ਨੂੰ ਲਗਭਗ 15 ਦਿਨ ਪਹਿਲਾਂ ਹੀ ਲਾਗੂ ਕੀਤਾ ਗਿਆ ਹੈ ਅਤੇ ‘ਸਫ਼ਲ ਹੋਣ ’ਤੇ ਅਸੀਂ ਰਸਮੀ ਤੌਰ ’ਤੇ ਇਸ ਦਾ ਐਲਾਨ ਕਰਾਂਗੇ।’

Leave a Reply